ਫਲੋਰਿਡਾ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਾਲੇ ਵਿਵਾਦ ਸੁਲਝਾਉਣ ਦਾ ਆਪਣਾ ਦਾਅਵਾ ਦੁਹਰਾਉਂਦਿਆਂ ਆਖਿਆ ਕਿ ਇਸਲਾਮਾਬਾਦ ਦੀ ਲੀਡਰਸ਼ਪ ਨੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਦਾ ਸਿਹਰਾ ਉਨ੍ਹਾਂ (ਟਰੰਪ) ਨੂੰ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀਆਂ ਫਲੋਰਿਡਾ ’ਚ ਮਾਰ-ਏ-ਲਾਗੋ ’ਚ ਰੱਖਿਆ ਮੰਤਰੀ ਪੀਟ ਹੈਗਸੇਥ, ਜਲ ਸੈਨਾ ਸਕੱਤਰ ਜੌਹਨ ਫੇਲਨ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਜ਼ਰੀ ’ਚ ਕੀਤੀਆਂ। ਟਰੰਪ ਨੇ ਕਿਹਾ, ‘‘ਅਸੀਂ ਪਾਕਿਸਤਾਨ ਤੇ ਭਾਰਤ ਵਿਚਾਲੇ ਪਰਮਾਣੂ ਜੰਗ ਹੋਣ ਤੋਂ ਰੋਕ ਦਿੱਤੀ। ਪਾਕਿਸਤਾਨ ਦੇ ਮੁਖੀ ਜੋ ਫੀਲਡ ਮਾਰਸ਼ਲ ਵੀ ਹਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਕਰੋੜ ਲੋਕਾਂ ਦੀ ਜਾਨ ਬਚਾਈ ਹੈ।’’ ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇੱਕ ਕਰੋੜ ਜਾਂ ਇਸ ਵੱਧ ਲੋਕਾਂ ਦੀ ਜਾਨ ਬਚਾਈ ਹੈ। ਮੈਂ ਸਿਰਫ ਰੂਸ-ਯੂਕਰੇਨ ਜੰਗ ਦਾ ਹਾਲੇ ਤੱਕ ਹੱਲ ਨਹੀਂ ਕਰ ਸਕਿਆ।’’ ਦੱਸਣਯੋਗ ਹੈ ਕਿ ਟਰੰਪ ਨੇ ਪਹਿਲੀ ਵਾਰ 10 ਮਈ ਨੂੰ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦੀ ਗੱਲ ਆਖੀ ਸੀ ਜਿਸ ਮਗਰੋਂ ਉਹ ਹੁਣ ਤੱਕ 60 ਤੋਂ ਵੱਧ ਵਾਰ ਇਹ ਦਾਅਵਾ ਦੁਹਰਾ ਚੁੱਕੇ ਹਨ।







