ਵਾਸ਼ਿੰਗਟਨ/ਪੰਜਾਬ ਪੋਸਟ :
ਅਮਰੀਕਾ ਵਿੱਚ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਲਗਾਤਾਰ ਤੀਜੇ ਦਿਨ ਵੀ ਹਵਾਈ ਸੇਵਾਵਾਂ ਪ੍ਰਭਾਵਿਤ ਰਹੀਆਂ। ਐਤਵਾਰ ਨੂੰ 2,100 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ, ਜਦਕਿ ਲਗਭਗ 9,400 ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਤਰ੍ਹਾਂ ਇੱਕੋ ਦਿਨ ਵਿੱਚ 11,500 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ।
ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਲਗਭਗ 6,700 ਉਡਾਣਾਂ ਰੱਦ ਅਤੇ 9,100 ਤੋਂ ਵੱਧ ਦੇਰੀ ਨਾਲ ਚੱਲੀਆਂ ਸਨ। ਅਮਰੀਕੀ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਉਮੀਦ ਜਤਾਈ ਕਿ ਸੋਮਵਾਰ ਤੱਕ ਹਵਾਈ ਸੇਵਾਵਾਂ ਆਮ ਹੋ ਜਾਣਗੀਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਆਰਕਨਸਾਸ ਅਤੇ ਟੈਕਸਾਸ ਵਿੱਚ ਰਾਊਟਰਾਂ ਨਾਲ ਜੁੜੀ ਤਕਨੀਕੀ ਸਮੱਸਿਆ ਕਾਰਨ ਹਵਾਈ ਆਵਾਜਾਈ ਕੰਟਰੋਲ ਕੇਂਦਰਾਂ ਦਾ ਸੰਚਾਰ ਪ੍ਰਬੰਧ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਸਾਈਬਰ ਹਮਲੇ ਦਾ ਕੋਈ ਸਬੂਤ ਨਾ ਮਿਲਣ ਦੀ ਗੱਲ ਕਹੀ ਹੈ। ਇਸ ਘਟਨਾ ਨੇ ਅਮਰੀਕਾ ਦੀ ਪੁਰਾਣੀ ਹਵਾਈ ਆਵਾਜਾਈ ਪ੍ਰਣਾਲੀ ਦੇ ਆਧੁਨਿਕੀਕਰਨ ਦੀ ਲੋੜ ਵੀ ਉਜਾਗਰ ਕੀਤੀ ਹੈ।







